ਮੇਰੇ ਵਿਆਹ ਨੂੰ ਹਾਲੇ ਕੁਝ ਹੀ ਦਿਨ ਹੋਏ ਸਨ, ਪਰ ਮੈਨੂੰ ਐਵੇਂ ਮਹਿਸੂਸ ਹੁੰਦਾ ਸੀ ਜਿਵੇਂ ਮਾਂ-ਪਿਉ ਨੂੰ ਵੇਖਿਆਂ ਕਈ ਸਾਲ ਬੀਤ ਗਏ ਹੋਣ। ਹਜੇ ਤੱਕ ਮੈਨੂੰ “ਚੋਕੇ” ਵੀ ਨਹੀਂ ਚੜਾਇਆ ਗਿਆ ਸੀ। ਉਹਨਾਂ ਦਿਨਾਂ ਵਿੱਚ ਮੈਂ ਹਮੇਸ਼ਾ ਫੁੱਲਾਂ ਵਾਂਗ ਖਿੜੀ ਰਹਿੰਦੀ ਸੀ। ਹਰ ਵੇਲੇ ਚਿਹਰੇ ‘ਤੇ ਮੁਸਕਰਾਹਟ ਹੁੰਦੀ ਅਤੇ ਦਿਲ ਵਿੱਚ ਇਕ ਅਜੀਬ ਜਿਹਾ ਸੁਹਾਵਾ ਸੁਪਨਾ ਵੱਸਦਾ ਸੀ।
ਚਾਰੇ ਪਾਸੇ ਪਿਆਰ ਹੀ ਪਿਆਰ ਸੀ। ਕਦੇ ਕਿਸੇ ਦੇ ਘਰ ਸ਼ਾਮ ਦੀ ਰੋਟੀ ਹੁੰਦੀ, ਕਦੇ ਕਿਸੇ ਦੇ ਘਰ ਚਾਹ ‘ਤੇ ਜਾਣਾ ਪੈਂਦਾ। ਮਾਸੀ, ਭੂਆ, ਰਿਸ਼ਤੇਦਾਰ—ਹਰ ਕੋਈ ਮੈਨੂੰ ਪਿਆਰ ਦੇ ਰਿਹਾ ਸੀ। ਘਰ ਵਿੱਚ ਵੀ ਮੈਨੂੰ ਕੋਈ ਕੰਮ ਕਰਨ ਨਹੀਂ ਸੀ ਦਿੰਦਾ। ਕਈ ਵਾਰ ਆਪਣੇ ਆਪ ਨੂੰ ਖਾਲੀ ਖੜ੍ਹੀ ਦੇਖ ਕੇ ਮੈਂ ਸ਼ਰਮਿੰਦੀ ਹੋ ਜਾਂਦੀ ਸੀ।
ਕਈ ਵਾਰ ਤਾਂ ਮਨ ਵਿੱਚ ਸ਼ਰਮ ਮਹਿਸੂਸ ਹੁੰਦੀ ਤੇ ਮੈਂ ਆਪਣੇ-ਆਪ ਨੂੰ ਸਵਾਲ ਕਰਦੀ —ਕਿ ਖਾਲੀ ਖੜ੍ਹੀ ਆਂ ਸਿਮਰਨ, ਮੰਮੀ ਕੀ ਸੋਚਣਗੇ?
ਇੱਕ ਵਾਰ ਤਾਂ ਮੈਂ ਆਪਣੀ ਸੱਸ ਨੂੰ ਕਹਿ ਵੀ ਦਿੱਤਾ,
“ਮੰਮੀ ਜੀ, ਸਬਜ਼ੀ ਮੈਂ ਛਿੱਲ ਦਿਆਂ?”
ਉਹ ਹੱਸ ਕੇ ਕਹਿਣ ਲੱਗੇ,
“ਨਹੀਂ ਸਿਮਰਨ, ਹਜੇ ਤੈਨੂੰ ਅਸੀਂ ਚੋਕੇ ਨਹੀਂ ਚੜਾਇਆ। ਕੋਈ ਗੱਲ ਨਹੀਂ, ਮੌਜ ਕਰ। ਕੰਮ ਕਰਨ ਲਈ ਸਾਰੀ ਉਮਰ ਪਈ ਹੈ।”
ਉਸ ਵੇਲੇ ਮੈਂ ਮਨ ਹੀ ਮਨ ਸੋਚਿਆ—ਰਸੋਈ ਦਾ ਕੰਮ ਵੀ ਕਿਹੜਾ ਬਹੁਤ ਵੱਡਾ ਹੁੰਦਾ? ਰੋਟੀਆਂ ਹੀ ਤਾਂ ਲਾਉਣੀਆਂ ਨੇ, ਚਾਰ ਭਾਂਡੇ ਹੀ ਤਾਂ ਨੇ।
ਚਾਹ-ਪਾਣੀ ਮੇਰੀ ਜੇਠਾਣੀ ਕਰ ਲੈਂਦੀ, ਰੋਟੀ-ਪਾਣੀ ਮੰਮੀ ਜੀ ਕਰ ਲੈਂਦੇ, ਤੇ ਮੈਂ ਵੇਹਲੀ। ਹਰ ਰੋਜ਼ ਹੱਸਦੇ-ਖੇਡਦੇ ਲੰਘ ਜਾਂਦਾ।
ਉਹਨੀ ਦਿਨੀਂ ਅਨੰਤਵੀਰ (ਜੇਠ-ਜੇਠਾਣੀ ਦਾ ਮੁੰਡਾ)—ਜੋ ਹਜੇ ਸ਼ਾਇਦ ਪਹਿਲੀ ਜਾਂ ਦੂਜੀ ਜਮਾਤ ‘ਚ ਪੜ੍ਹਦਾ ਸੀ—ਮੇਰਾ ਸਭ ਤੋਂ ਚੰਗਾ ਦੋਸਤ ਬਣ ਗਿਆ। ਸਕੂਲ ਦੀ ਹਰ ਛੋਟੀ-ਮੋਟੀ ਗੱਲ ਆਪਣੇ ਤੋਤਲੇ ਬੋਲਾਂ ਨਾਲ ਮੈਨੂੰ ਸੁਣਾਉਂਦਾ। ਕਦੇ ਮੇਰੇ ਨਾਲ ਖੇਡ ਲੱਗ ਜਾਂਦਾ, ਕਦੇ ਮੈਂ ਉਸਨੂੰ ਪੜ੍ਹਾਉਂਦੀ, ਕਦੇ ਤੰਗ ਕਰਦੀ। ਬਸ, ਉਹ ਸਾਰਾ ਦਿਨ ਸਕੂਲੋਂ ਆ ਕੇ ਮੇਰੇ ਨਾਲ ਹੀ ਰਹਿੰਦਾ।
ਉਸ ਵੇਲੇ, ਜੇ ਘਰ ਵਿੱਚ ਕਿਸੇ ਨੇ ਮੈਨੂੰ ਆਪਣੇ ਹੋਣ ਦਾ ਅਹਿਸਾਸ ਦਿਵਾਇਆ, ਤਾਂ ਉਹ ਮੇਰਾ ਲਾਡਲਾ ਅਨੰਤ ਹੀ ਸੀ।
ਇਸੇ ਤਰ੍ਹਾਂ ਦਿਨ ਲੰਘਦੇ ਗਏ ਅਤੇ ਆਖ਼ਰਕਾਰ ਆ ਗਿਆ ਐਤਵਾਰ—ਚੋਕੇ ਚੜ੍ਹਾਉਣ ਦਾ ਦਿਨ।
ਮੈਂ ਨਹਾ-ਧੋ ਕੇ ਤਿਆਰ ਹੋਈ। ਪਹਿਲੀ ਵਾਰ ਰਸੋਈ ਵਿੱਚ ਖਾਣ-ਪੀਣ ਦਾ ਸਮਾਨ ਲਿਆਉਣ ਦੀ ਥਾਂ ਕੁਝ ਬਣਾਉਣ ਲਈ ਅੱਗੇ ਵਧੀ। ਮਨ ਵਿੱਚ ਘਬਰਾਹਟ ਵੀ ਸੀ—ਜੇ ਸਹੀ ਨਾ ਬਣਿਆ ਤਾਂ?
ਮੇਰੀ ਸੱਸ ਨੇ ਕਿਹਾ,
“ਕੋਲੀ ਕ ਆਟਾ ਲਿਆ, ਕੜਾਹੀ ‘ਚ ਦੇਸੀ ਘਿਉ ਪਾ।”
ਮੈਂ ਪੁੱਛਿਆ, “ਹੁਣ ਮੰਮੀ ਜੀ?”
ਉਹ ਕਹਿਣ ਲੱਗੇ, “ਤੈਨੂੰ ਆਉਂਦਾ ਨਹੀਂ?”
ਮੈਂ ਹੌਲੀ ਜਿਹੀ ਕਿਹਾ, “ਨਹੀਂ ਮੰਮੀ ਜੀ, ਪਰਸ਼ਾਦ ਮੈਂ ਕਦੇ ਨਹੀਂ ਬਣਾਇਆ।”
ਉਹ ਮੁਸਕਰਾ ਕੇ ਕਹਿਣ ਲੱਗੇ,
“ਕੋਈ ਗੱਲ ਨਹੀਂ। ਮੈਂ ਬਣਾਉਂਦੀ ਹਾਂ, ਤੂੰ ਬਸ ਵਿੱਚ-ਵਿੱਚ ਕੜਛੀ ਮਾਰਦੀ ਰਹੀਂ।”
ਮੈਂ ਸੁੱਖ ਦਾ ਸਾਹ ਲਿਆ—ਚਲੋ, ਕਿਸੇ ਨੇ ਕੁਝ ਕਿਹਾ ਤਾਂ ਨਹੀਂ।
ਫਿਰ ਮੈਂ ਰੋਟੀਆਂ ਲਾਈਆਂ। ਸਬਜ਼ੀ ਮੰਮੀ ਜੀ ਨੇ ਪਹਿਲਾਂ ਹੀ ਬਣਾਈ ਹੋਈ ਸੀ। ਸਾਰਿਆਂ ਨੂੰ ਰਸੋਈ ਦੇ ਬਾਹਰ ਅੰਦਰਲੇ ਵੇਹੜੇ ਵਿੱਚ ਪੰਜ ਕੁਰਸੀਆਂ ਵਾਲੀ ਗੋਲ ਮੇਜ਼ ‘ਤੇ ਬੁਲਾਇਆ ਗਿਆ।
ਡੈੱਡੀ ਜੀ, ਜੇਠ-ਜੇਠਾਣੀ, ਜਿੰਦਰ ਜੀ ਅਤੇ ਅਨੰਤ—ਸਭ ਬੈਠ ਗਏ। ਮੈਂ ਅਤੇ ਮੰਮੀ ਜੀ ਹੌਲੀ-ਹੌਲੀ ਰੋਟੀ, ਸਬਜ਼ੀ ਅਤੇ ਪਰਸ਼ਾਦ ਵਰਤਾਉਂਦੀਆਂ ਰਹੀਆਂ।
ਸਭ ਨੇ ਬੜੀ ਖੁਸ਼ੀ ਨਾਲ ਖਾਧਾ। ਡੈੱਡੀ ਜੀ ਨੇ 200 ਰੁਪਏ, ਜੇਠ-ਜੇਠਾਣੀ ਨੇ 100-100 ਰੁਪਏ ਸ਼ਗੁਨ ਦਿੱਤਾ।
ਉਹ ਸਮਾਂ ਐਸਾ ਸੀ ਕਿ 100-200 ਰੁਪਏ ਵੀ ਬਹੁਤ ਵੱਡੀ ਰਕਮ ਲੱਗਦੇ ਸਨ।
ਅਨੰਤ ਨੇ ਆਪਣੀ ਜੇਬ ‘ਚੋਂ ਸੋਨੇ ਦੇ ਵਰਕ ਵਾਲੀ ਇਕ ਨਿੱਕੀ ਗੋਲ ਚਾਕਲੇਟ ਕੱਢ ਕੇ ਮੈਨੂੰ ਦਿੱਤੀ। ਮੈਂ ਉਸਦਾ ਪਿਆਰ ਨਾਲ ਮੱਥਾ ਚੁੰਮਿਆ ਤੇ ਕਿਹਾ, “ਮੇਰਾ ਅਨੰਤ ਵੀ ਮੇਰੇ ਲਈ ਕੁਝ ਲੈ ਕੇ ਆਇਆ।”
ਇਹਨੇ ਚ ਜਿੰਦਰ ਜੀ ਨੇ ਵੀ 200 ਕੱਢ ਕੇ ਤਲੀ ਤੇ ਰੱਖ ਦਿੱਤੇ।
ਸਭ ਦੇ ਖਾਣ ਤੋਂ ਬਾਅਦ ਮੈਂ ਆਪਣੀ ਸੱਸ ਨੂੰ ਬਿਠਾ ਕੇ ਰੋਟੀ ਖੁਆਈ। ਉਹਨਾਂ ਨੇ ਵੀ 200 ਰੁਪਏ ਮੇਰੀ ਝੋਲੀ ‘ਚ ਪਾਏ।
ਆਖ਼ਰਕਾਰ ਮੇਰੀ ਵਾਰੀ ਆਈ। ਸੱਚੀ, ਸਭ ਕੁਝ ਬੜਾ ਸਵਾਦ ਬਣਿਆ ਸੀ—ਬਣਦਾ ਵੀ ਕਿਉਂ ਨਾ, ਮੰਮੀ ਜੀ ਨੇ ਬਣਾਇਆ ਸੀ। ਮੈਂ ਤਾਂ ਸਿਰਫ਼ ਨਾਮ ਦਾ ਕੰਮ ਕੀਤਾ ਸੀ।
ਫਿਰ ਜਿਵੇਂ ਹੀ ਮੈਂ ਸਾਰੇ ਭਾਂਡੇ ਰਸੋਈ ਵਿੱਚ ਰੱਖਣ ਲੱਗੀ, ਮੇਰੀ ਜੇਠਾਣੀ ਨੇ ਹੱਥ ਫੜ ਕੇ ਕਿਹਾ, “ਕੋਈ ਨਹੀਂ, ਮੈਂ ਮਾਂਜ ਦੇਵਾਂਗੀ।”
ਇਸੇ ਤਰਾਂ ਦਿਨ ਲੱਗਦੇ ਗਏ ਅਤੇ ਵਿਆਹ ਨੂੰ ਪਤਾ ਨਹੀਂ ਕਦੋਂ ਇੱਕ ਮਹੀਨਾ ਹੋ ਗਿਆ।
ਕੁਝ ਦਿਨਾਂ ਬਾਅਦ ਜਿੰਦਰ ਜੀ ਨੂੰ ਕੁਝ ਸਰਕਾਰੀ ਛੁੱਟੀਆਂ ਮਿਲੀਆਂ।
ਜਦੋਂ ਸ਼ਾਮ ਨੂੰ ਘਰ ਆਏ, ਕਹਿਣ ਲੱਗੇ,
“ਸਿਮਰਨ, ਕੱਪੜੇ ਪੈਕ ਕਰ ਲੈ। ਕੱਲ੍ਹ ਅਸੀਂ ਘੁੰਮਣ ਜਾਣਾ ਹੈ।”
ਮੈਂ ਹੈਰਾਨ ਹੋ ਕੇ ਪੁੱਛਿਆ, “ਕਿੱਥੇ? ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਨਾਲੇ ਕੁਝ ਪੈਕ ਵੀ ਨਹੀਂ ਕੀਤਾ। ਕਿਵੇਂ ਜਾਵਾਂਗੇ? ਘਰ ਵਾਲੇ ਗੁੱਸਾ ਨਹੀਂ ਕਰਨਗੇ—ਬਿਨਾਂ ਦੱਸੇ ਚਲੇ ਜਾਵਾਂਗੇ?”
ਉਹ ਹੱਸ ਕੇ ਕਹਿਣ ਲੱਗੇ, “ਸਿਮਰਨ, ਪਹਿਲਾਂ ਸਾਹ ਲੈ। ਘਰ ਵਾਲੇ ਤਾਂ ਆਪ ਕਹਿ ਰਹੇ ਸਨ ਕਿ ਤੁਸੀਂ ਕਿਤੇ ਜਾਂਦੇ ਕਿਉਂ ਨਹੀਂ। ਤੂੰ ਫਿਕਰ ਨਾ ਕਰ, ਮੈਂ ਆਪੇ ਦੱਸ ਦਿਆਂਗਾ। ਪੈਕਿੰਗ ਵੀ ਮੈਂ ਕਰ ਰੱਖੀ ਹੈ।”
ਮੈਂ ਕਿਹਾ, “ਠੀਕ ਏ ਜੀ।”
ਅਗਲੇ ਦਿਨ ਮੈਂ ਲਾਲ ਰੰਗ ਦਾ ਸੂਟ ਪਾ ਕੇ, ਸੁਰਖੀ-ਬਿੰਦੀ ਲਾ ਕੇ ਤਿਆਰ ਹੋਈ। ਜਦੋਂ ਦਿਖਾਉਣ ਗਈ ਤਾਂ ਉਹ ਕਹਿਣ ਲੱਗੇ,
“ਇਹ ਕੀ?”
“ਸੂਟ,” ਮੈਂ ਕਿਹਾ।
“ਨਹੀਂ, ਕੁਝ ਹੋਰ ਪਾ। ਉਹ ਜੀਨ-ਕੁੜਤਾ ਪਾ ਲੈ, ਜੋ ਪਿਛਲੇ ਹਫ਼ਤੇ ਲਿਆ ਸੀ।”
ਮੈਂ ਡਰ ਕੇ ਪੁੱਛਿਆ, “ਘਰ ਵਾਲੇ ਗੁੱਸਾ ਨਹੀਂ ਕਰਨਗੇ?”
ਉਹ ਕਹਿਣ ਲੱਗੇ, “ਨਹੀਂ, ਪਰਜਾਈ ਵੀ ਪਾਉਂਦੇ ਨੇ।”
ਮੈਂ ਮੁੜ ਤਿਆਰ ਹੋਈ—ਫੁੱਲਾਂ ਦੀ ਕੜ੍ਹਾਈ ਵਾਲਾ ਮੋਰਣੀ ਰੰਗ ਦਾ ਕੁੜਤਾ, ਪੈਜਾਮੀ ਵਰਗੀ ਜੀਨ, ਨਾਲ ਸ਼ਾਲ।
ਮੈਂ ਸ਼ਾਲ ਦੀ ਬੁੱਕਲ ਮਾਰ ਲਈ ਤੇ ਕਿਹਾ, “ਜੀ ਹੁਣ ਦੇਖੋ।”
ਜਿੰਦਰ ਜੀ ਕੋਲ ਆਏ। ਸ਼ਾਲ ਦੀ ਬੁੱਕਲ ਖੋਲ੍ਹ ਕੇ ਉਸਨੂੰ ਗਰਦਨ ਦੇ ਆਲੇ-ਦੁਆਲੇ ਲਪੇਟ ਦਿੱਤਾ ਅਤੇ ਕਨੀਆਂ ਅੱਗੇ ਕਰ ਦਿੱਤੀਆਂ। ਫਿਰ ਜੂੜਾ ਖੋਲ੍ਹ ਕੇ ਮੇਰੇ ਵਾਲ ਕੰਨਾਂ ਪਿੱਛੇ ਕਰਦੇ ਹੋਏ ਕਹਿਣ ਲੱਗੇ,
“ਹੁਣ ਠੀਕ ਹੈ।”
ਮੈਂ ਹੌਲੀ ਜਿਹੀ ਕਿਹਾ, “ਨਹੀਂ, ਵਾਲ ਨਹੀਂ ਖੋਲ੍ਹਣੇ। ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਿਆ। ਮੈਂ ਵਾਲ ਬੰਨ ਲੈਣੀ ਆ ।”
ਉਹ ਹੱਸ ਕੇ ਕਹਿਣ ਲੱਗੇ, “ਚੱਲੋ, ਠੀਕ ਹੈ।”
ਫਿਰ ਮੈਂ ਪੈਰਾਂ ‘ਚ ਨੀਲੇ ਰੰਗ ਦੇ ਬੂਟ ਪਾ ਲਏ ਤੇ ਮਨ ਵਿੱਚ ਸੋਚਿਆ—ਸ਼ੁਕਰ ਹੈ ਬੈਗ ਪਹਿਲਾਂ ਹੀ ਪੈਕ ਕੀਤਾ ਹੋਇਆ ਹੈ, ਨਹੀਂ ਤਾਂ ਹੁਣ ਸਾਰੇ ਸੂਟ ਕੱਢਣੇ ਪੈਂਦੇ।
ਜਿੰਦਰ ਜੀ ਵੀ ਤਿਆਰ ਸਨ—ਚਿੱਟੇ ਰੰਗ ਦੀ ਬਹੁਤ ਸੋਹਣੀ ਟੀ-ਸ਼ਰਟ, ਫਿੱਕੀ ਜੀਨ ਅਤੇ ਨਾਲ ਬੜੇ ਸੋਹਣੇ ਬੂਟ ਪਾਏ ਹੋਏ ਸਨ। ਸਿਰ ‘ਤੇ ਉਹਨਾਂ ਨੇ ਮੇਰੇ ਕੁੜਤੇ ਨਾਲ ਮੇਲ ਖਾਂਦੀ ਪੱਗ ਬੰਨ੍ਹੀ ਹੋਈ ਸੀ। ਸੱਚੀ, ਉਹ ਬਹੁਤ ਹੀ ਸੋਹਣੇ ਲੱਗ ਰਹੇ ਸਨ।
ਅਸੀਂ ਦੋਵੇਂ ਤਿਆਰ ਹੋ ਕੇ ਜਿਵੇਂ ਹੀ ਕਮਰੇ ਤੋਂ ਬਾਹਰ ਨਿਕਲੇ, ਮੰਮੀ-ਡੈਡੀ ਜੀ ਮੇਰੇ ਵੱਲ ਘੂਰ-ਘੂਰ ਕੇ ਦੇਖਣ ਲੱਗ ਪਏ। ਮੈਂ ਤੁਰੰਤ ਗਲ ‘ਚ ਪਾਇਆ ਸ਼ਾਲ ਸਿਰ ‘ਤੇ ਲੈ ਲਿਆ। ਪੈਰੀ ਹੱਥ ਲਾ ਕੇ ਸੱਸ-ਸਹੁਰੇ ਦਾ ਅਸ਼ੀਰਵਾਦ ਲਿਆ ਅਤੇ ਸਿੱਧੇ ਗੱਡੀ ਵੱਲ ਚਲ ਗਈ। ਜਿੰਦਰ ਜੀ ਉਹਨਾਂ ਕੋਲ ਖੜੇ ਸਨ—ਸ਼ਾਇਦ ਜਾਣ ਬਾਰੇ ਦੱਸ ਰਹੇ ਹੋਣਗੇ, ਮੈਂ ਮਨ ਵਿੱਚ ਸੋਚਿਆ।
ਫਿਰ ਜਿਵੇਂ ਹੀ ਉਹ ਬਾਹਰ ਆਏ, ਅਸੀਂ ਗੱਡੀ ‘ਚ ਬੈਠੇ ਤੇ ਨਿਕਲ ਪਏ। ਬਾਕੀ ਸਭ ਆਪਣੇ-ਆਪਣੇ ਕੰਮਾਂ ‘ਤੇ ਗਏ ਹੋਏ ਸਨ ਅਤੇ ਅਨੰਤ ਹਜੇ ਸਕੂਲ ਤੋਂ ਨਹੀਂ ਆਇਆ ਸੀ।
ਹਜੇ ਅਸੀਂ ਘਰ ਤੋਂ ਥੋੜ੍ਹੀ ਦੂਰ ਹੀ ਗਏ ਸਨ ਕਿ ਮੈਂ ਪੁੱਛਿਆ, “ਦੀਦੀ ਤੇ ਵੀਰੇ ਨੂੰ ਵੀ ਪੁੱਛ ਲੈਣਾ ਸੀ। ਨਾਲੇ ਅਨੰਤ ਪਿੱਛੋਂ ਰੋਵੇਗਾ।”
ਜਿੰਦਰ ਜੀ ਕਹਿਣ ਲੱਗੇ, “ਉਹਨਾਂ ਨੂੰ ਛੁੱਟੀਆਂ ਨਹੀਂ ਸਨ, ਨਹੀਂ ਤਾਂ ਨਾਲ ਹੀ ਲੈ ਜਾਂਦੇ। ਨਾਲੇ ਵੀਰੇ ਦਾ ਕੰਮ ਅੱਜਕੱਲ੍ਹ ਜ਼ਿਆਦਾ ਹੁੰਦਾ ਹੈ।”
ਇਹੋ ਜਿਹੀਆਂ ਗੱਲਾਂ ਕਰਦੇ-ਕਰਦੇ ਰਾਹ ਲੰਘਦੇ ਗਏ।
ਇਹ ਮੇਰਾ ਵਿਆਹ ਤੋਂ ਬਾਅਦ ਆਪਣੇ ਹਮਸਫ਼ਰ ਨਾਲ ਪਹਿਲਾ ਸਫ਼ਰ ਸੀ।
ਬਹੁਤ ਹੀ ਸੋਹਣਾ ਸਫ਼ਰ—ਇੰਜ ਲੱਗਦਾ ਸੀ ਜਿਵੇਂ ਦੁਨੀਆਂ ਕਿੰਨੀ ਸੋਹਣੀ ਹੈ, ਲੋਕ ਕਿੰਨੇ ਚੰਗੇ ਨੇ, ਤੇ ਜਿਧਰ ਅਸੀਂ ਜਾ ਰਹੇ ਹਾਂ ਉਹ ਰਾਹ ਵੀ ਕਿੰਨੇ ਸੋਹਣੇ ਨੇ। ਠੰਢੀਆਂ-ਠੰਢੀਆਂ ਹਵਾਵਾਂ, ਦੂਰੋਂ ਦਿਸਦੇ ਪਹਾੜ, ਅਤੇ ਹੌਲੀ-ਹੌਲੀ ਪਹਾੜਾਂ ਵਿਚੋਂ ਲੰਘਦੇ ਹੋਏ ਅਸੀਂ…
ਕਦੇ ਰੋਟੀ ਲਈ, ਕਦੇ ਚਾਹ ਲਈ ਰੁਕਦੇ-ਰੁਕਾਂਦੇ ਅਸੀਂ ਸ਼ਾਮ ਵੇਲੇ ਸ਼ਿਮਲਾ ਪਹੁੰਚ ਗਏ।
ਜਿੰਦਰ ਜੀ ਨੇ ਪਹਿਲਾਂ ਹੀ ਇੱਕ ਹੋਟਲ ਬੁੱਕ ਕੀਤਾ ਹੋਇਆ ਸੀ, ਜੋ ਸ਼ਿਮਲਾ ਦੇ ਮੁੱਖ ਸ਼ਹਿਰ ਤੋਂ ਲਗਭਗ ਦੋ ਕਿਲੋਮੀਟਰ ਪਹਿਲਾਂ ਸੀ। ਹੋਟਲ ਬਹੁਤ ਹੀ ਸੋਹਣਾ ਅਤੇ ਸ਼ਾਨਦਾਰ ਸੀ।
ਜਿਵੇਂ ਹੀ ਅਸੀਂ ਪਹੁੰਚੇ, ਵੇਖਿਆ ਕਿ ਹੋਟਲ ਦਾ ਬਾਹਰੀ ਦਰਵਾਜ਼ਾ ਲੱਕੜ ਦਾ ਸੀ, ਉੱਪਰ ਛਪਰੀ ਨੁਮਾ ਛੱਤ। ਅੰਦਰ ਦਾਖ਼ਲ ਹੋਣ ‘ਤੇ ਰਿਸੈਪਸ਼ਨ ਡੈਸਕ ਸੀ, ਜਿੱਥੇ ਸਟਾਫ਼ ਨੇ ਸਾਨੂੰ ਵੋਟਰ ਆਈਡੀ ਦਿਖਾਉਣ ਲਈ ਕਿਹਾ। ਪੰਜ-ਛੇ ਮਿੰਟ ਕੰਪਿਊਟਰ ‘ਤੇ ਚੈਕ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਸ਼ਰਬਤ ਪੀਣ ਲਈ ਦਿੱਤਾ ਅਤੇ ਕਮਰੇ ਦੀ ਚਾਬੀ ਸੌਂਪ ਦਿੱਤੀ।
ਸਾਡੇ ਨਾਲ ਇੱਕ ਸਟਾਫ਼ ਮੈਂਬਰ ਬੈਗ ਲੈ ਕੇ ਉੱਪਰ ਆ ਗਿਆ। ਜਿਵੇਂ-ਜਿਵੇਂ ਅਸੀਂ ਇੱਕ ਹਾਲ ਤੋਂ ਦੂਜੇ ਵੱਲ ਲੰਘਦੇ ਗਏ, ਹੋਟਲ ਹੋਰ ਵੀ ਸੋਹਣਾ ਲੱਗਦਾ ਗਿਆ।
ਸਭ ਤੋਂ ਉੱਪਰਲੀ ਮੰਜ਼ਿਲ ‘ਤੇ ਸਾਨੂੰ ਕਮਰਾ ਨੰਬਰ 303 ਮਿਲਿਆ। ਦਰਵਾਜ਼ਾ ਖੋਲ੍ਹ ਕੇ ਅੰਦਰ ਗਏ ਤਾਂ ਕਮਰਾ ਐਨਾ ਵੱਡਾ ਸੀ ਜਿਵੇਂ ਘਰ ਦੇ ਦੋ ਕਮਰੇ ਮਿਲਾ ਦਿੱਤੇ ਹੋਣ।
ਅੰਦਰ ਦਾਖ਼ਲ ਹੁੰਦਿਆਂ ਹੀ ਇੱਕ ਵੱਡੀ ਲੱਕੜ ਦੀ ਅਲਮਾਰੀ, ਸਾਹਮਣੇ ਨ੍ਹਾਉਣ ਵਾਲਾ ਕਮਰਾ, ਨਾਲ ਵੱਡਾ ਸਾਰਾ ਬੈੱਡ, ਸਾਹਮਣੇ ਟੀਵੀ, ਸੋਫ਼ੇ, ਤਿਆਰ ਹੋਣ ਲਈ ਸ਼ੀਸ਼ਾ, ਕੋਨੇ ਵਿੱਚ ਮੇਜ਼ ਅਤੇ ਕੁਰਸੀ।
ਕਮਰੇ ਦੀ ਕੱਚ ਦੀ ਬਾਰੀ ਤੋਂ ਦੂਰ-ਦੂਰ ਤੱਕ ਪਹਾੜ ਦਿਸ ਰਹੇ ਸਨ। ਮੈਂ ਸ਼ਾਲ ਲੈ ਕੇ ਤੁਰੰਤ ਬਾਰੀ ਵੱਲ ਦੌੜੀ। ਉੱਥੇ ਦੋ ਕੁਰਸੀਆਂ ਅਤੇ ਇੱਕ ਨਿੱਕਾ ਜਿਹਾ ਗੋਲ ਮੇਜ਼ ਸੀ। ਹੇਠਾਂ ਵੇਖਿਆ ਤਾਂ ਇੱਕ ਵੱਡਾ ਬਾਗ਼ ਸੀ—ਹਰਿਆਲੀ ਅਤੇ ਸੋਹਣੇ ਬੂਟੇ। ਹਾਲਾਂਕਿ ਠੰਢ ਕਰਕੇ ਫੁੱਲ ਨਹੀਂ ਸਨ।
ਮੈਂ ਕੁਝ ਸਮਾਂ ਖੜ੍ਹੀ ਹੋ ਕੇ ਕੁਦਰਤ ਦੇ ਨਜ਼ਾਰੇ ਤੱਕਦੀ ਰਹੀ। ਪਰ ਅਚਾਨਕ ਠੰਢੀ ਹਵਾ ਨੇ ਜੱਫੀ ਪਾ ਲਈ। ਕੁੜਤਾ ਮੋਟੇ ਕਪੜੇ ਦਾ ਸੀ, ਫਿਰ ਵੀ ਠੰਢ ਲੱਗਣ ਲੱਗ ਪਈ। ਮੈਂ ਬਾਰੀ ਦਾ ਦਰਵਾਜ਼ਾ ਬੰਦ ਕਰਕੇ ਮੁੜ ਕਮਰੇ ਵਿੱਚ ਆ ਗਈ।
ਥੋੜ੍ਹੀ ਦੇਰ ‘ਚ ਸਮਾਨ ਸੈੱਟ ਕੀਤਾ ਅਤੇ ਕਮਰੇ ਵਿੱਚ ਚਾਹ ਮੰਗਵਾਈ। ਜਦੋਂ ਸ਼ਾਮ ਦੀ ਰੋਟੀ ਦਾ ਸਮਾਂ ਹੋ ਗਿਆ, ਅਸੀਂ ਰੋਟੀ ਕਮਰੇ ਚ ਹੀ ਮੰਗਵਾ ਲਈ । ਸਾਰੇ ਦਿਨ ਦੇ ਸਫ਼ਰ ਤੋਂ ਬਾਅਦ ਅਸੀਂ ਇੰਨੇ ਥੱਕੇ ਹੋਏ ਸੀ ਕਿ ਰੋਟੀ ਖਾ ਕੇ, ਜਿੱਥੇ ਬੈਠੇ ਸੀ ਓਥੇ ਹੀ ਸੋ ਗਏ।
ਹਜੇ ਨੀਂਦ ਪੂਰੀ ਤਰ੍ਹਾਂ ਖੁੱਲੀ ਵੀ ਨਹੀਂ ਸੀ ਕਿ ਸਵੇਰੇ ਛੇ ਵਜੇ ਫ਼ੋਨ ਆ ਗਿਆ। ਜਿੰਦਰ ਜੀ ਗੱਲ ਕਰ ਰਹੇ ਸਨ, ਮੇਰੀ ਵੀ ਅੱਖ ਖੁੱਲ ਗਈ।
ਮੈਂ ਪੁੱਛਿਆ, “ਕਿਸ ਨਾਲ ਗੱਲ ਕਰ ਰਹੇ ਹੋ?”
ਉਹ ਕਹਿਣ ਲੱਗੇ, “ਘਰੋਂ ਫ਼ੋਨ ਹੈ।”
ਮੈਂ ਫ਼ਿਕਰ ਨਾਲ ਪੁੱਛਿਆ, “ਸਭ ਖੈਰ-ਸੁਖ ਤਾਂ ਹੈ?”
ਉਹ ਉੱਠ ਕੇ ਫ਼ੋਨ ਲੈ ਕੇ ਬਾਰੀ ਵੱਲ ਚਲੇ ਗਏ। ਮੈਂ ਵੀ ਉੱਠ ਕੇ ਬੈਠ ਗਈ—ਪਤਾ ਨਹੀਂ ਕੀ ਗੱਲ ਹੋ ਗਈ।
ਗੱਲ ਮੁੱਕਣ ਤੋਂ ਬਾਅਦ ਉਹਨਾਂ ਨੇ ਦੱਸਿਆ, “ਸਾਨੂੰ ਅੱਜ ਹੀ ਵਾਪਸ ਜਾਣਾ ਪਵੇਗਾ।”
ਮੈਂ ਹੈਰਾਨ ਹੋ ਕੇ ਪੁੱਛਿਆ, “ਕੀ ਹੋਇਆ?”
ਉਹ ਕਹਿਣ ਲੱਗੇ ਕਿ ਅੰਮ੍ਰਿਤਸਰ ਵਾਲੇ ਫੁੱਫੜ ਜੀ ਪੂਰੇ ਹੋ ਗਏ ਹਨ। ਮੰਮੀ ਜੀ ਅਤੇ ਪਿੰਦਰ ਵੀਰ ਨੂੰ ਜਾਣ ਲਈ ਗੱਡੀ ਦੀ ਲੋੜ ਸੀ। ਉਸ ਸਮੇਂ ਘਰ ਵਿੱਚ ਸਿਰਫ਼ ਇੱਕ ਹੀ ਗੱਡੀ ਸੀ।
ਮੈਂ ਪੁੱਛਿਆ, “ਅਸੀਂ ਹੁਣੇ ਨਿਕਲਣਾ?”
ਉਹ ਕਹਿਣ ਲੱਗੇ, “ਹਾਂ, ਹੁਣੇ। ਸਾਮਾਨ ਪੈਕ ਕਰ।”
ਮੈਂ ਕਿਹਾ, “ਸਾਰਾ ਸਾਮਾਨ ਤਾਂ ਪੈਕ ਹੀ ਹੈ, ਸਿਰਫ਼ ਇੱਕ-ਦੋ ਚੀਜ਼ਾਂ ਬਾਹਰ ਨੇ।”
ਉਹ ਕਹਿਣ ਲੱਗੇ, “ਉਹ ਵੀ ਸੰਭਾਲ ਲੈ। ਜੇ ਦੇਰ ਹੋ ਗਈ ਤਾਂ ਉਹ ਨਾਰਾਜ਼ ਹੋ ਜਾਣਗੇ।”
ਅਸੀਂ ਸੱਤ ਵਜੇ ਬਿਨਾਂ ਨਾਹਤੇ-ਧੋਤੇ, ਬਿਨਾਂ ਕੁਝ ਖਾਧੇ ਵਾਪਸ ਨਿਕਲ ਪਏ। ਹਾਲਾਂਕਿ ਤਿੰਨ ਦਿਨ ਰਹਿਣਾ ਸੀ, ਪਰ ਸਿਰਫ਼ ਇੱਕ ਰਾਤ ਹੀ ਰਹਿ ਸਕੇ।
ਜੋ ਰਾਹ ਆਉਂਦੇ ਸਮੇਂ ਬਹੁਤ ਸੋਹਣੇ ਲੱਗ ਰਹੇ ਸਨ—ਹੁਣ ਉਹ ਦਿਸ ਵੀ ਨਹੀਂ ਸਨ ਰਹੇ।
ਚਿਹਰੇ ਦੀ ਹਾਸੀ ਗੁੰਮ ਹੋ ਚੁੱਕੀ ਸੀ।
ਸਿਰਫ਼ ਚੁੱਪ ਸੀ…
ਅਤੇ ਉਡੀਕ—ਕਦੋਂ ਇਹ ਰਾਹ ਮੁਕਣ, ਕਦੋਂ ਘਰ ਪਹੁੰਚੀਏ।
