ਸਫ਼ਰ- ਧੀ ਤੋਂ ਵਹੁਟੀ ਤੱਕ

ਅੱਜ ਮੇਰਾ ਸਹੁਰੇ ਘਰ ਦਾ ਦੂਜਾ ਦਿਨ ਸੀ। ਸਵੇਰ ਹੋਈ ਪਰ ਨਾ ਮੇਰੀ ਮਾਂ ਕੋਲ ਸੀ, ਨਾ ਮੇਰਾ ਉਹ ਘਰ ਸੀ, ਨਾ ਕੋਈ ਇਹ ਕਹਿਣ ਵਾਲਾ “ਚਾਹ ਲੈ ਕੇ ਆਵਾਂ, ਸਿਮੋ ਪੁੱਤ।”ਬੱਸ ਸੀ ਤਾਂ ਇੱਕ ਖ਼ਾਮੋਸ਼ੀ।

ਜਿਵੇਂ ਹੀ ਉੱਠਣ ਲੱਗੀ, ਦਰਵਾਜ਼ੇ ਤੋਂ ਆਵਾਜ਼ ਆਈ,
“ਵਹੁਟੀਏ, ਤਿਆਰ ਹੋ ਜਾ, ਛੇਤੀ—ਕੰਗਣੇ ਦੀ ਰਸਮ ਕਰਨੀ ਹੈ। ਸਾਰੇ ਰਿਸ਼ਤੇਦਾਰ ਕਾਹਲੇ ਪਏ ਨੇ ਜਾਣ ਲਈ।”

ਮੈਂ ਫਟਾਫਟ ਗੁਸਲਖ਼ਾਨੇ ਗਈ। ਪੰਜਾਂ ਮਿੰਟਾਂ ’ਚ ਨਹਾ ਕੇ ਬਾਹਰ ਆ ਗਈ। ਪਹਿਲਾਂ ਮੈਂ ਆਪਣੇ ਪੇਕੇ ਘਰ ਦਾ ਸੂਟ ਪਾਇਆ। ਪਰ ਜਦੋਂ ਮੇਰੀ ਸੱਸ ਆਈ, ਉਹਨਾਂ ਨੇ ਇੱਕ ਵੱਡਾ, ਗੋੜਾ ਖੱਟੇ ਰੰਗ ਦਾ ਸੂਟ ਮੇਰੇ ਹੱਥ ’ਚ ਰੱਖਿਆ ਤੇ ਕਿਹਾ,
“ਨਹੀਂ, ਅੱਜ ਇਹ ਸੂਟ ਪਾਉਣਾ।”

ਮੈਂ ਕਿਹਾ, “ਠੀਕ ਏ ਮੰਮੀ ਜੀ,”
ਤੇ ਫਿਰ ਦੁਬਾਰਾ ਗੁਸਲਖ਼ਾਨੇ ’ਚ ਜਾ ਕੇ ਸੂਟ ਬਦਲ ਆਈ।

ਸੂਟ ’ਤੇ ਬਹੁਤ ਕੜ੍ਹਾਈ ਸੀ—ਗਲੇ ਤੇ ਬਾਂਹਾਂ ’ਤੇ, ਸਲਵਾਰ ’ਤੇ ਵੀ। ਹੁਣ ਮੈਂ ਇਹ ਸੋਚ ਰਹੀ ਸੀ ਕਿ ਸੂਟ ਤਾਂ ਪਾ ਲਿਆ, ਪਰ ਤਿਆਰ ਕਿਵੇਂ ਹੋਈਦਾ? ਮੈਂ ਤਾਂ ਵਿਆਹ ਤੋਂ ਪਹਿਲਾਂ ਕੁਝ ਕਦੇ ਲਾਇਆ ਹੀ ਨਹੀਂ। ਮੈਨੂੰ ਤਾਂ ਸੁਰਖੀ ਲਾਉਣ ਦਾ ਵੀ ਚੱਜ ਨਹੀਂ ਸੀ |


ਇਹਨੇ ਨੂੰ ਮੇਰੀ ਇੱਕ ਨਣਦ ਆ ਗਈ। ਉਹਨਾਂ ਨੇ ਵੀ ਜਾਣਾ ਸੀ। ਉਹਨੇ ਪੁੱਛਿਆ,
“ਭਾਬੀ, ਤਿਆਰ ਨਹੀਂ ਹੋਏ ਹਜੇ?”

ਮੈਂ ਜਵਾਬ ਦਿੱਤਾ,
“ਨਹੀਂ, ਮੈਨੂੰ ਮੇਕਅੱਪ ਕਰਨਾ ਨਹੀਂ ਆਉਂਦਾ।”

ਉਹਨੇ ਬਾਂਹ ਫੜ ਕੇ ਮੈਨੂੰ ਬਿਠਾਇਆ ਤੇ ਕਿਹਾ,
“ਕੋਈ ਨੀ ਭਾਬੀ ਜੀ, ਮੈਂ ਕਰ ਦੇਣੀ ਆਂ।”

ਉਹ ਹਜੇ ਨਵੀਂ-ਨਵੇਲੀ ਵਿਆਹੀ ਸੀ—ਸ਼ਾਇਦ ਇੱਕ ਮਹੀਨਾ ਪਹਿਲਾਂ। ਮੈਂ ਉਸਨੂੰ ਆਪਣੇ ਵਿਆਹ ਵਾਲੀ ਇੱਕ ਲਾਲ ਰੰਗ ਦੀ ਪਲਾਸਟਿਕ ਦੀ ਮੇਕਅੱਪ ਕਿੱਟ ਫੜਾ ਦਿੱਤੀ। ਉਸਨੇ ਚਟ-ਪੱਟ ਮੈਨੂੰ ਤਿਆਰ ਕਰ ਦਿੱਤਾ, ਮੈਂ ਆਪਣੇ ਵਾਲ ਵਾਹ ਕੇ ਜਿਵੇ ਹੀ ਚੁੰਨੀ ਚੁੱਕੀ ਤਾ ਲਗਾ ਜਿਵੇ ਕੋਈ ਬੜਾ ਭਾਰਾ ਸਮਾਨ ਚੁਕਿਆ ਹੋਵੇ, ਮੈਂ ਡਿੱਗਦੀ – ਢਹਿੰਦੀ ਨੇ ਚੁੰਨੀ ਨੂੰ ਸਿਰ ਤੇ ਸੈੱਟ ਕੀਤਾ ਤੇ ਬੈਠਕ ਤੋਂ ਬਾਹਰ ਅਉਣ ਲੱਗੀ |

ਤੇ ਜਿਵੇਂ ਹੀ ਬਾਹਰ ਆਈ, ਅੱਗੋਂ ਜਿੰਦਰ ਜੀ (ਘਰਵਾਲਾ) ਆ ਰਹੇ ਸੀ। ਮੈਂ ਵੇਖ ਕੇ ਨੀਵੀਂ ਪਾ ਲਈ। ਉਹ ਕੁਝ ਸਾਮਾਨ ਭੇਜ ਰਹੇ ਸੀ ਤੇ ਕੰਮਾਂ ’ਚ ਹੀ ਲੱਗੇ ਸੀ।

ਇਹਨੇ ਨੂੰ ਮੇਰਾ ਇੱਕ ਦਿਓਰ ਆਇਆ। ਉਹਨੇ ਕਿਹਾ,
“ ਰੁਕੋ ਦੋਵੇ, ਤੁਹਾਡੀ ਫੋਟੋ ਖਿੱਚੀਏ।”

ਮੈਂ ਸੰਗਦੀ ਥੋੜ੍ਹਾ ਕੋਲ ਹੋ ਗਈ। ਉਹ ਹੱਸ ਕੇ ਕਹਿੰਦਾ,
“ਭਾਬੀ, ਨੇੜੇ ਹੋਵੋ, ਘਰਵਾਲਾ ਤੁਹਾਡਾ—ਥੋੜ੍ਹੀ ਜਿਹੀ ਹੋਰ ਨੇੜੇ।”

ਉਹਨੇ ਦਵਾ- ਦੱਬ ਦੋ ਫੋਟੋਆਂ ਖਿੱਚ ਦਿੱਤੀਆਂ।

ਫਿਰ ਆਵਾਜ਼ ਪਈ,
“ਵਹੁਟੀਏ, ਕਿੱਥੇ ਰਹਿ ਗਈ ਆ ? ਛੇਤੀ ਆ।”

ਮੈਂ ਕਿਹਾ,
“ਆਈ ਮੰਮੀ ਜੀ।”

ਇੱਕ ਬੈਠਕ ’ਚ, ਇੱਕ ਪੁਰਾਣੀ ਚਾਦਰ ’ਤੇ , ਇੱਕ ਸਟੀਲ ਦੀ ਪਰਾਤ ’ਚ ਕੱਚੀ ਲੱਸੀ ਵਿੱਚ ਗੁਲਾਬ ਦੇ ਫੁੱਲ ਪਾਏ ਹੋਏ ਸੀ। ਸਾਰੇ ਦੂਰ-ਦੂਰ ਹੋ ਕੇ ਗੋਲ ਚੱਕਰ ਬਣਾ ਕੇ ਬੈਠੇ ਸਨ |

ਫਿਰ ਜਿੰਦਰ ਨੂੰ ਆਵਾਜ਼ ਦਿੱਤੀ,
“ਮੁੰਡਿਆ, ਕੰਮ ਬਾਅਦ ’ਚ ਕਰੀਂ। ਪਹਿਲਾਂ ਇਹ ਕੰਮ ਨਿਬੇੜ, ਛੇਤੀ।”

ਉਹ ਜਿਵੇਂ ਦੇ ਸੀ, ਘਰ ਦੇ ਮਾਲੂਮੀ ਜਿਹੇ ਕੱਪੜਿਆਂ ’ਚ ਆ ਕੇ ਨਾਲ ਬੈਠ ਗਏ । ਮੈਨੂੰ ਆਪਣੀ ਇੱਕ ਛਾਂਪ ਉਤਾਰ ਕੇ ਦੇਣ ਲਈ ਕਿਹਾ।

ਫਿਰ “ਇੱਕ, ਦੋ, ਤਿੰਨ— ਛਾਂਪ ਪਾਣੀ ‘ਚ ਤੇ ਕਿਹਾ, ਲੱਭੋ।”
ਮੈਂ ਹਜੇ ਕੁਝ ਸਮਝ ਨਹੀਂ ਪਈ। ਜਿੰਦਰ ਜੀ ਨੇ ਛਾਂਪ ਲੱਭ ਲਈ। ਸਾਰੇ ਤਾੜੀਆਂ ਮਾਰਨ ਲੱਗ ਗਏ।

ਦੂਜੀ ਵਾਰੀ ਲਈ ਮੈਂ ਤਿਆਰ ਬੈਠੀ ਸੀ। ਜਿਵੇ ਹੀ ਛਾਂਪ ਸਿਟੀ ਮੈਂ ਹੱਥ ਹੇਠ ਦੇ ਲਈ।
ਤੀਜੀ ਵਾਰੀ ’ਚ ਕਿਹਾ ਗਿਆ—ਹੁਣ ਜੋ ਜਿੱਤੂ, ਘਰ ’ਚ ਰਾਜ ਉਸਦਾ।

ਮੈਂ ਤੇ ਜਿੰਦਰ ਜੀ ਨੂੰ ਵਾਰ-ਵਾਰ ਛੇੜਿਆ ਗਿਆ। ਅਸੀਂ ਛੇਤੀ-ਨਾਲ ਲੱਸੀ ‘ਚ ਹੱਥ ਪਾਉਂਦੇ, ਪਰ ਛਾਂਪ ਹਜੇ ਹੱਥ ’ਚ ਹੀ ਹੁੰਦੀ।

ਤੀਜੀ ਵਾਰ ਮੈਂ ਚੁੱਪਚਾਪ ਲੱਭ ਲਈ। ਪਰ ਜਿੰਦਰ ਜੀ ਅੱਜ ਤੱਕ ਵੀ ਇਹੀ ਕਹਿੰਦੇ ਨੇ ਕਿ ਛਾਂਪ ਤਾਂ ਉਹਨਾਂ ਨੇ ਹੀ ਲੱਭੀ ਸੀ—ਪਰ ਚਲੋ ਜੋ ਉਹ ਕਹਿਣ |

ਉਸ ਤੋਂ ਬਾਅਦ ਗਾਨੇ ਖੋਲ੍ਹਣ ਦੀ ਰਸਮ ਹੋਈ। ਮੇਰੇ ਤਾਂ ਉਹਨਾਂ ਨੇ ਬੜੀ ਛੇਤੀ ਖੋਲ੍ਹ ਲਏ। ਉਹਨਾਂ ਦੀਆਂ ਗੰਢਾਂ ਬਹੁਤ ਨਿੱਕੀਆਂ ਸੀ, ਮੈਥੋਂ ਖੁੱਲ ਹੀ ਨਹੀਂ ਰਹੀਆਂ ਸੀ। ਮੇਰੀ ਜੇਠਾਣੀ ਨੇ ਇੱਕ-ਇੱਕ ਕਰ ਕੇ ਗੰਢਾਂ ਢਿੱਲੀਆਂ ਕੀਤੀਆਂ। ਮੈਂ ਹੌਲੀ-ਹੌਲੀ ਖੋਲ੍ਹਦੀ ਗਈ।

ਇਸੇ ਨਾਲ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ। ਹੌਲੀ-ਹੌਲੀ ਸਾਰੇ ਰਿਸ਼ਤੇਦਾਰ ਆਪਣੇ-ਆਪਣੇ ਘਰਾਂ ਨੂੰ ਚਲੇ ਗਏ।

ਫਿਰ ਅਸੀਂ ਰਹਿ ਗਏ—ਮੈਂ, ਜਿੰਦਰ ਜੀ, ਉਹਨਾਂ ਦਾ ਵੱਡਾ ਭਰਾ ਪਿੰਦਰ, ਉਹਨਾਂ ਦੀ ਘਰਵਾਲੀ ਰਾਜਦੀਪ, ਬੇਟਾ ਅਨੰਤਵੀਰ, ਤੇ ਮੇਰੀ ਸੱਸ ਤੇ ਸੋਹਰਾ |

ਅਗਲੇ ਦਿਨ ਮੇਰੇ ਘਰਦੇ ਆ ਗਏ। ਪੱਗ-ਫੇਰੇ ਦੀ ਰਸਮ ਲਈ ਤੇ ਮੈਨੂੰ ਘਰ ਲੈ ਗਏ। ਘਰ ਪਹੁੰਚ ਕੇ ਮੇਰੀ ਖੁਸ਼ੀ ਦਾ ਤਾਂ ਕੋਈ ਠਿਕਾਣਾ ਹੀ ਨਹੀਂ ਸੀ। ਇਉਂ ਲੱਗ ਰਿਹਾ ਸੀ ਜਿਵੇਂ ਮੁੜ ਆਪਣੀ ਜ਼ਿੰਦਗੀ ’ਚ ਵਾਪਸ ਆ ਗਈ ਹੋਵਾਂ।

ਮਾਂ ਨਾਲ ਬਹੁਤ ਗੱਲਾਂ ਕੀਤੀਆਂ—ਕਿ ਸਾਰੇ ਬੜੇ ਚੰਗੇ ਨੇ, ਬਹੁਤ ਖ਼ਿਆਲ ਰੱਖਦੇ ਨੇ ਮੇਰਾ, ਸਾਰੇ ਪੜ੍ਹੇ-ਲਿਖੇ ਤੇ ਸੁਚੱਜੇ ਜੀਅ ਨੇ। ਮੈਂ ਵਾਪਸ ਜਾ ਕੇ ਆਪਣੀ ਨੌਕਰੀ ’ਤੇ ਫਿਰ ਜਾਇਆ ਕਰਨਾ —ਇਹ ਵੀ ਦੱਸਿਆ।

ਮੈਂ ਪੇਸ਼ੇ ਵਜੋਂ ਇੱਕ ਅਧਿਆਪਕ ਸੀ, ਇੱਕ ਪ੍ਰਾਈਵੇਟ ਸਕੂਲ ’ਚ। ਹਾਲਾਂਕਿ ਮੈਂ ਗ੍ਰੈਜੂਏਟ ਸੀ, ਪਰ ਘਰਦਿਆਂ ਦੀਆਂ ਦੂਰ ਨੌਕਰੀ ਨਾ ਕਰਨ ਦੀਆਂ ਪਾਬੰਦੀਆਂ ਕਰਕੇ ਨੇੜੇ ਹੀ ਇੱਕ ਸਕੂਲ ’ਚ ਪੜ੍ਹਾਉਂਦੀ ਸੀ—ਵਿਆਹ ਤੋਂ ਪਹਿਲਾਂ।

ਜਿੰਦਰ ਜੀ ਸਰਕਾਰੀ ਅਧਿਆਪਕ ਸਨ। ਉਹਨਾਂ ਦੇ ਪਿਤਾ ਜੀ ਵੀ ਸਰਕਾਰੀ ਪ੍ਰਿੰਸਿਪਲ ਦੇ ਤੌਰ ’ਤੇ ਰਿਟਾਇਰ ਹੋਏ ਸਨ। ਸੱਸ ਘਰ ਹੀ ਕੰਮ ਕਰਦੀ ਸੀ। ਜੇਠ ਕਿਸੇ ਕੰਪਨੀ ’ਚ ਸੀ, ਤੇ ਜੇਠਾਣੀ ਵੀ ਅਧਿਆਪਿਕਾ। ਜ਼ਿਆਦਾਤਰ ਸਾਰੇ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਸਨ।

ਮੈਂ ਆਪਣੀ ਮਾਂ ਨੂੰ ਕਿਹਾ,
“ਮਾਂ, ਮੈਂ ਹਮੇਸ਼ਾ ਸੋਚਦੀ ਸੀ ਕਿ ਮੈਂ ਪੜ੍ਹੇ-ਲਿਖੇ ਤੇ ਸ਼ਹਿਰੀ ਪਰਿਵਾਰ ’ਚ ਵਿਆਹੀ ਜਾਵਾਂ।”

ਮਾਂ ਨੇ ਜਵਾਬ ਦਿੱਤਾ,
“ਧੀਏ, ਤੈਨੂੰ ਕੀ ਲੱਗਦਾ, ਮੈਨੂੰ ਨਹੀਂ ਸੀ ਪਤਾ?”

ਬਸ ਇਹਦਾ ਅਸੀਂ ਰੋਜ਼ ਗੱਲਾਂ ਕਰਨੀਆਂ ਤੇ ਕਦੇ ਬਾਜ਼ਾਰ ਚਲ ਜਾਣਾ ਕਦੇ ਕਿਸੇ ਦੇ ਘਰ |

ਇਸੇ ਤਰ੍ਹਾਂ ਕਰਦੇ-ਕਰਦੇ ਕਦੋਂ ਛੇ ਦਿਨ ਲੰਘ ਗਏ, ਪਤਾ ਹੀ ਨਹੀਂ ਲੱਗਿਆ। ਸੱਤਵੇਂ ਦਿਨ ਮੈਨੂੰ ਮੇਰੇ ਸਹੁਰੇ ਪਰਿਵਾਰ ਨੇ ਲੈਣ ਆਉਣਾ ਸੀ। ਪਰ ਮੇਰਾ ਦਿਲ ਹਜੇ ਵੀ ਕਹਿੰਦਾ ਸੀ—ਕਾਸ਼ ਇੱਕ ਦਿਨ ਹੋਰ ਮਿਲ ਜਾਂਦਾ।

ਧੀ ਲਈ ਪੇਕੇ ਦਾ ਕੱਲ੍ਹ ਕਦੇ ਨਹੀਂ ਆਉਂਦਾ।

ਸੱਤਵਾਂ ਦਿਨ ਚੜ੍ਹਿਆ। ਮੇਰੇ ਪੇਕੇ ਪਿੰਡ—ਤਾਈਆਂ, ਚਾਚੀਆਂ, ਪ੍ਰਜਾਈਆਂ, —ਸਭ ਅਲੱਗ-ਅਲੱਗ ਪਕਵਾਨ ਬਣਾਉਣ ਲੱਗ ਪਈਆਂ। ਦੋ-ਤਿੰਨ ਤਰ੍ਹਾਂ ਦੀਆਂ ਸਬਜ਼ੀਆਂ, ਰੋਟੀਆਂ, ਦਹੀਂ-ਰਾਇਤਾ, ਮਿੱਠਾ, ਪਕੌੜੇ। ਕੁਝ ਸਮਾਨ ਬਾਜ਼ਾਰੋਂ ਵੀ ਮੰਗਾਇਆ ਗਿਆ—ਮਿਠਾਈਆਂ, ਕਾਜੂ, ਬਦਾਮ, ਤੇ ਪਤਾ ਨਹੀਂ ਹੋਰ ਕੀ ਕੁਝ।

ਮੈਨੂੰ ਕਿਹਾ ਗਿਆ,
“ਸੋਹਣੀਏ, ਤਿਆਰ ਹੋ ਜਾ।”

ਮੈਂ ਨਹਾ-ਧੋ ਕੇ, ਜਿੰਨਾ ਕੁ ਮੈਨੂੰ ਲਾਉਣਾ-ਪਾਉਣਾ ਆਉਂਦਾ ਸੀ, ਤਿਆਰ ਹੋ ਗਈ।

ਗਿਆਰਾਂ ਵਜੇ ਮੇਰੇ ਸਹੁਰੇ ਪਰਿਵਾਰ ਦੀ ਗੱਡੀ ਘਰ ਅੱਗੇ ਆ ਖੜੀ ਹੋਈ। ਨਾਲ ਵਿਚੋਲਣ ਵੀ ਸੀ । ਮੈਂ ਸਭ ਨੂੰ “ਸਤਿ ਸ੍ਰੀ ਅਕਾਲ” ਬੁਲਾ ਕੇ ਮੁੜ ਰਸੋਈ ’ਚ ਆ ਗਈ।

ਫਿਰ ਖਾਣ-ਪੀਣ ਦਾ ਸਿਲਸਿਲਾ ਚੱਲ ਪਿਆ—ਪਾਣੀ, ਜੂਸ, ਸੁੱਕੇ ਮੇਵੇ, ਚਾਹ ਨਾਲ ਪਕੌੜੇ, ਮਿਠਾਈਆਂ। ਜਨਾਨੀਆਂ ਸਾਰੀਆਂ ਇੱਕ ਬੈਠਕ ’ਚ, ਬੰਦੇ ਬਾਹਰ ਸੋਫਿਆਂ ਵਾਲੀ ਬੈਠਕ ’ਚ ਬੈਠ ਗਏ।

ਮੈਂ ਜਿੱਥੇ ਬੈਠੀ ਸੀ, ਉੱਥੋਂ ਸਾਹਮਣੇ ਜਿੰਦਰ ਜੀ ਦਿਖ ਰਹੇ ਸਨ। ਮੈਂ ਪਰਾਂ ਹੋ ਕੇ ਬੈਠਣ ਲੱਗੀ। ਮੇਰੀ ਪਰਜਾਈ ਨੇ ਬਾਂਹ ਫੜ ਕੇ ਉੱਥੇ ਹੀ ਬੈਠਣ ਲਈ ਕਿਹਾ।

ਜਦੋਂ ਮੈਂ ਨਿਗਾਹ ਚੁੱਕਦੀ, ਜਿੰਦਰ ਜੀ ਦੀਆਂ ਅੱਖਾਂ ਮੇਰੇ ’ਤੇ ਟਿਕੀਆਂ ਹੁੰਦੀਆਂ।

ਇੱਕ-ਦੋ ਘੰਟੇ ਬਾਅਦ ਸਭ ਰੋਟੀ ਬਣਾਉਣ ਲੱਗ ਪਏ। ਮੇਰੀ ਸੱਸ ਤੇ ਜੇਠਾਣੀ ਘਰ ਦੇਖਣ ਲੱਗ ਗਈਆਂ। ਬੰਦੇ ਆਪਣੀਆਂ ਗੱਲਾਂ ’ਚ ਮਸ਼ਰੂਫ਼ ਹੋ ਗਏ।

ਮੈਂ ਆਪਣੇ ਕੱਪੜਿਆਂ ਵਾਲਾ ਬੈਗ ਤਿਆਰ ਕਰਦੀ ਰਹੀ—ਕਦੇ ਇੱਕ ਬੈਠਕ ’ਚ, ਕਦੇ ਦੂਜੀ ’ਚ, ਕਦੇ ਰਸੋਈ।

ਮੈਂ ਰਸੋਈ ’ਚ ਗਈ ਤੇ ਕਿਹਾ,
“ਪਰਜਾਈ ਜੀ, ਮੈਂ ਕੁਝ ਕਰਾਵਾਂ?”

ਉਹ ਹੱਸ ਕੇ ਕਹਿੰਦੀ,
“ਨਾ, ਤੂੰ ਸਾਹਮਣੇ ਬੈਠ। ਜਿੰਦਰ ਜਦੋਂ ਦਾ ਆਇਆ, ਤੈਨੂੰ ਹੀ ਤੱਕੀ ਜਾਂਦਾ।”

ਸਾਰੀ ਰਸੋਈ ’ਚ ਹੱਸ ਪੈ ਗਿਆ। ਮੈਂ ਸ਼ਰਮ ਨਾਲ ਲਾਲ ਹੋ ਗਈ ਤੇ ਦੂਜੀ ਬੈਠਕ ’ਚ ਚਲੀ ਗਈ।

ਰੋਟੀ ਖੁਆਈ ਗਈ, ਫਿਰ ਮਿੱਠਾ। ਹੌਲੀ-ਹੌਲੀ ਸਮਾਂ ਆ ਰਿਹਾ ਸੀ ਵਾਪਸ ਪੈੜਾ ਪਾਉਣ ਦਾ—ਉਸ ਘਰ ਵੱਲ, ਜੋ ਹਜੇ ਮੈਨੂੰ ਆਪਣਾ ਨਹੀਂ ਸੀ ਜਾਪਦਾ।

ਮੇਰੀ ਮਾਂ ਮੇਰੇ ਕੋਲ ਆਈ ਤੇ ਕਹਿੰਦੀ,
“ਪੁੱਤ, ਸਾਰੀਆਂ ਚੀਜ਼ਾਂ ਧਿਆਨ ਨਾਲ ਵੇਖ ਲੈ, ਕੁਝ ਰਹਿ ਨਾ ਜਾਵੇ।”

ਮੈਂ ਕੁਝ ਨਾ ਕਿਹਾ। ਸੋਚਿਆ—ਸਭ ਕੁਝ ਤਾਂ ਇੱਥੇ ਹੀ ਆ ਮਾਂ |ਕੋਲ ਤਾਂ ਬੱਸ ਕੁਝ ਲੀੜੇ ਤੇ ਜੁੱਤੀਆਂ ਹੀ ਰਹਿ ਗਈਆਂ ਨੇ।

ਇਹਨੇ ਨੂੰ ਮਾਂ ਨੂੰ ਰਸੋਈ ’ਚ ਆਵਾਜ਼ ਪੈ ਗਈ ਤੇ ਉਹ ਮੁੜ ਚਲੀ ਗਈ। ਮੈਨੂੰ ਮੇਰੀ ਸੱਸ ਤੇ ਜੇਠਾਣੀ ਨੇ ਆਵਾਜ਼ ਮਾਰੀ,
“ਵਹੁਟੀਏ, ਸਾਡੇ ਕੋਲ ਵੀ ਬਹਿ ਜਾ।”


ਮੈਂ ਥੋੜ੍ਹੀ ਦੇਰ ਨੀਵੀਂ ਪਾ ਕੇ ਉਹਨਾਂ ਕੋਲ ਬੈਠੀ ਰਹੀ—ਕਦੇ ਬਾਹਰ ਵੱਲ ਵੇਖਦੀ, ਕਦੇ ਆਉਂਦੇ-ਜਾਂਦੇ ਆਪਣੇ ਘਰਦਿਆਂ ਨੂੰ।

ਫਿਰ ਮੇਰੇ ਸੋਹਰਾ ਸਾਹਿਬ ਸਾਡੀ ਬੈਠਕ ’ਚ ਆਏ ਤੇ ਕਿਹਾ,
“ਚਲੋ ਭਾਈ, ਬੜਾ ਸਮਾਂ ਹੋ ਗਿਆ, ਹਨੇਰਾ ਪੈ ਜਾਣਾ।”

ਮੈਂ ਚੁੱਪਚਾਪ ਉੱਠ ਕੇ ਆਪਣੀ ਮਾਂ ਕੋਲ ਗਈ। ਮਾਂ ਨੇ ਕਿਹਾ,
“ਧੀਏ, ਜਾਣ ਦਾ ਵੇਲਾ ਆ ਗਿਆ। ਜਾ ਆਪਣਾ ਬੈਗ ਤੇ ਸਾਰਾ ਸਾਮਾਨ ਲੈ ਆ।”

ਮੈਂ ਸਭ ਨੂੰ ਮਿਲਣ ਲੱਗੀ। ਜਦੋਂ ਆਪਣੇ ਪਿਓ ਨੂੰ ਜੱਫੀ ਪਾਈ, ਉਹ ਰੋਣ ਲੱਗ ਪਏ। ਇਸ ਵਾਰੀ ਮੈਂ ਵੀ ਰੋ ਪਈ। ਤੇ ਫੇਰ ਮੇਰੀ ਮਾਂ ਵੀ ਰੋ ਪਈ | ਸਭ ਦੀਆਂ ਅੱਖਾਂ ’ਚ ਹੰਝੂ ਸਨ।

ਪਰ ਪ੍ਰਜਾਈਆਂ ਦੇ ਹਾਸੇ-ਠੇਠਏ ਨਾਲ ਸਾਰਾ ਮਾਹੌਲ ਫੇਰ ਬਦਲ ਗਿਆ।

ਮੇਰੇ ਸਹੁਰੇ ਪਰਿਵਾਰ ਦੇ ਜੀਅ ਗੱਡੀ ਕੋਲ ਖੜੇ ਸਨ। ਮੈਂ ਸਭ ਨੂੰ ਮਿਲ ਕੇ ਗੱਡੀ ਦੀ ਪਿਛਲੀ ਸੀਟ ’ਤੇ ਬੈਠ ਗਈ।

ਹੌਲੀ-ਹੌਲੀ ਰਾਹ ਬਦਲ ਦੇ ਗਏ। ਮੈਂ ਆਪਣੀਆਂ ਸੋਚਾਂ ’ਚ ਡੁੱਬੀ ਜਾ ਰਹੀ ਸੀ। ਦਿਲ ਓਥੇ ਹੀ ਸੀ—ਪੇਕੇ ਘਰ।

ਜਿਵੇਂ ਹੀ ਅਸੀਂ ਜਲੰਧਰ ਸ਼ਹਿਰ ਦੀ ਹੱਦ ’ਚ ਆਏ, ਮੈਂ ਅੱਖਾਂ ਉੱਪਰ ਕੀਤੀਆਂ। ਸਾਹਮਣੇ ਗੱਡੀ ਦੇ ਅੱਗਲੇ ਸ਼ੀਸ਼ੇ ’ਚ ਜਿੰਦਰ ਜੀ ਦੀਆਂ ਅੱਖਾਂ ਮੇਰੇ ਨਾਲ ਮਿਲੀਆਂ। ਮੇਰਾ ਦਿਲ ਇਕਦਮ ਰੁਕ ਗਿਆ। ਮੈਂ ਓਸੇ ਵੇਲੇ ਨੀਵੀਂ ਪਾ ਲਈ।

ਬਾਹਰ ਵੱਲ ਵੇਖਣ ਲੱਗੀ। ਦਿਨ ਹਜੇ ਖੜਾ ਸੀ। ਅਸੀਂ ਇੱਕ ਕੱਚੀ ਸੜਕ ’ਤੇ ਮੁੜ ਰਹੇ ਸੀ। ਮਨ ’ਚ ਸੋਚ ਰਹੀ ਸੀ—ਮਾਂ ਕਹਿੰਦੀ ਸੀ ਜਲੰਧਰ ਸ਼ਹਿਰ ’ਚ ਘਰ ਆ, ਇਹ ਤਾਂ ਕੋਈ ਪਿੰਡ ਲੱਗਦਾ ਆ।

ਹੌਲੀ-ਹੌਲੀ ਗੱਡੀ ਇੱਕ ਨਿੱਕੀ, ਟੁੱਟੀ-ਫੁੱਟੀ ਸੜਕ ’ਤੇ ਪੈ ਗਈ। ਵੱਡੇ-ਵੱਡੇ ਟੋਏ, ਪਾਣੀ ਖੜਾ ਸੀ। ਓਥੇ ਇੱਕ ਕਾਲੇ ਦਰਵਾਜ਼ੇ ਸਾਹਮਣੇ ਗੱਡੀ ਆ ਖੜੀ ਹੋਈ।

ਤਦ ਮੈਨੂੰ ਸਮਝ ਆਈ—ਇਹ ਤਾਂ ਓਹੀ ਗੇਟ ਹੈ, ਮੇਰੇ ਸਹੁਰੇ ਘਰ ਦਾ।

ਮੈਂ ਹਜੇ ਤੱਕ ਆਪਣਾ ਆਲਾ-ਦੁਆਲਾ ਢੰਗ ਨਾਲ ਵੇਖਿਆ ਹੀ ਨਹੀਂ ਸੀ। ਘਰ ਚਿੱਟੇ ਰੰਗ ਦਾ, ਸੋਹਣਾ ਪੇਂਟ। ਕਾਲਾ ਦਰਵਾਜ਼ਾ ਖੁੱਲ੍ਹਦਾ ਹੀ ਕੱਚਾ ਵੇਹੜਾ| ਦੋ-ਦੋ ਇੱਟਾਂ ਨਾਲ ਬਣੀ ਇੱਕ ਪਗਡੰਡੀ ਬਾਹਰੀ ਬੈਠਕ ਵੱਲ ਜਾਂਦੀ ਸੀ। ਇੱਕ ਕੋਨੇ ’ਚ ਛੋਟਾ ਜਿਹਾ ਨ੍ਹਾਉਣ ਵਾਲਾ, ਨਾਲ ਇੱਕ ਨਿੰਮ। ਬਾਹਰੀ ਬੈਠਕ ’ਚ ਵੱਡੇ ਸੋਫੇ। ਨਾਲ ਦੀ ਬੈਠਕ ਸੱਸ-ਸੋਹਰੇ ਦੀ। ਫਿਰ ਸਟੋਰ। ਫਿਰ ਜੇਠ-ਜੇਠਾਣੀ ਦਾ ਕਮਰਾ। ਅੰਦਰ ਇਕ ਹੋਰ ਨ੍ਹਾਉਣ ਵਾਲਾ। ਨਾਲ ਹੀ ਸਾਡੀ ਬੈਠਕ। ਬਾਹਰੀ ਬੈਠਕ ਨਾਲ ਰਸੋਈ ਦੀ ਕੰਧ ਸਾਂਝੀ। ਸਾਡੇ ਕਮਰੇ ਦਾ ਇੱਕ ਦਰਵਾਜ਼ਾ ਬਾਹਰ ਵਹਿੜੇ ਵੱਲ, ਓਥੋਂ ਪੌੜੀਆਂ ਚੜ੍ਹ ਕੇ ਇੱਕ ਚੁਬਾਰਾ।

ਬਹੁਤ ਸੋਹਣਾ ਘਰ ਸੀ। ਆਲੇ-ਦੁਆਲੇ ਖੁੱਲ੍ਹੀ ਜਗ੍ਹਾ, ਦੂਰ-ਦੂਰ ਤੱਕ ਬਸ ਦੋ-ਤਿੰਨ ਘਰ।

ਹੌਲੀ-੨ ਸਹੁਰਿਆਂ ਦਾ ਘਰ ਮੇਰਾ ਨਵਾਂ ਠਿਕਾਣਾ ਬਣ ਗਿਆ, ਸੰਸਾਰ ਨੇ ਮੈਨੂੰ ਧੀ ਤੋਂ ਵਹੁਟੀ ਦੀ ਪੱਦਵੀ ਦੇ ਦਿੱਤੀ।
ਪਰ ਜਦੋਂ ਵੀ ਦਿਲ ਭਰ ਆਉਂਦਾ ਹੈ, ਰਾਹ ਆਪਣੇ ਆਪ ਮਾਂ-ਪਿਓ ਦੇ ਵਹਿੜੇ ਵੱਲ ਮੁੜ ਜਾਂਦਾ ਹੈ—
ਕਿਉਂਕਿ ਕੁੜੀ ਜਿੱਥੇ ਵੀ ਵੱਸ ਜਾਵੇ, ਉਸਦੀ ਰੂਹ ਹਮੇਸ਼ਾਂ ਪੇਕੇ ਘਰ ਹੀ ਟਿਕੀ ਰਹਿੰਦੀ ਹੈ |

                                     
                                       ਲਿਖ਼ਤ:- ਗੁਰਪ੍ਰੀਤ ਮੰਨਣ

Leave a Reply

Your email address will not be published. Required fields are marked *