ਮੇਰਾ ਨਾਂ ਸਿਮਰਨ ਹੈ।
ਮੈਂ ਕੋਈ ਕਹਾਣੀ ਲਿਖਣ ਨਹੀਂ ਬੈਠੀ।
ਮੈਂ ਸਿਰਫ਼ ਯਾਦ ਕਰ ਰਹੀ ਹਾਂ।
ਹਰ ਉਸ ਪਾਲ ਨੂੰ ਜੋ ਮੈਂ ਸਮੇਂ ਨਾਲ ਹੰਢਾਇਆਂ ਹੈਂ , ਕਦੇ-ਕਦੇ ਦਿਲ ਅੱਜ ਵੀ ਮੁੜ ਓਹਨਾ ਰਾਹਾਂ ਵੱਲ ਫੇਰ ਤੁਰ ਪੈਂਦਾ ਹੈਂ |
ਮੈਨੂੰ ਅੱਜ ਵੀ ਯਾਦ ਹੈ—ਉਹ ਦਿਨ।
ਮੇਰਾ ਦਿਲ ਬੇਵਜ੍ਹਾ ਜੋਰਾਂ ਨਾਲ ਧੜਕ ਰਿਹਾ ਸੀ। ਪਰ ਸਮਝ ਨਹੀਂ ਆ ਰਹੀ ਸੀ ਕਿ ਡਰ ਕਿਸ ਗੱਲ ਦਾ ਹੈ। ਨਾ ਪੇਕੇ ਛੱਡਣ ਦਾ ਦੁੱਖ ਸਾਫ਼ ਸੀ, ਨਾ ਨਵੇਂ ਘਰ ਜਾਣ ਦੀ ਖੁਸ਼ੀ। ਬੱਸ ਅੰਦਰੋਂ ਕੁਝ ਖਾਲੀ-ਖਾਲੀ, ਕੁਝ ਭਾਰਾ-ਭਾਰਾ ਜਿਹਾ ਲੱਗ ਰਿਹਾ ਸੀ।
ਫਿਰ ਮਾਂ ਕੋਲ ਆਈ। ਉਸਨੇ ਕੰਨ ਵਿੱਚ ਕਿਹਾ,
“ਧੀਏ, ਰੋ ਲੈ ਹੁਣ। ਤੂੰ ਵਿਦਾ ਹੋਣ ਲੱਗੀ ਐਂ। ਨਹੀਂ ਤਾਂ ਲੋਕ ਗੱਲਾਂ ਕਰਨਗੇ।”
ਮੈਂ ਜਿਸਨੂੰ ਕੁਝ ਸਮਝ ਹੀ ਨਹੀਂ ਸੀ ਤੇ ਬੱਸ ਇਕੋ ਸਵਾਲ ਵਾਰ-ਵਾਰ ਆਪਣੇ ਆਪ ਨੂੰ ਪੁੱਛਦੀ ,
“ਕੀ ਸੱਚੀ ਮੇਰਾ ਵਿਆਹ ਹੋ ਰਿਹਾ ਐ?”
ਪਰ ਕਿਉਂ?
ਮੈਂ ਹਜੇ ਵਿਆਹ ਨਹੀਂ ਕਰਾਉਣਾ ਸੀ |
ਹਜੇ ਮੈਂ ਆਪਣੀ ਜ਼ਿੰਦਗੀ ‘ਚ ਕੁਝ ਕੀਤਾ ਹੀ ਨਹੀਂ |
ਫਿਰ ਕਿਉਂ ਮੇਰੇ ਸੁਪਨੇ ਟੁੱਟ ਰਹੇ ਨੇ?
ਮੇਰਾ ਦਿਲ ਅੰਦਰੋਂ-ਅੰਦਰੀ ਟੁੱਟ ਰਿਹਾ ਸੀ, ਪਰ ਚਿਹਰੇ ‘ਤੇ ਕੋਈ ਜਵਾਬ ਨਹੀਂ ਸੀ। ਬੱਸ ਉਲਝਣ ਸੀ। ਖਾਮੋਸ਼ੀ ਸੀ।
ਫਿਰ ਵਿਦਾਈ ਦਾ ਵੇਲਾ ਆ ਗਿਆ।
ਸਭ ਕਾਰ ਦੀ ਤਾਕੀ ਕੋਲ ਖੜੇ ਸਨ ਅਤੇ ਸਭ ਦੀਆਂ ਅੱਖਾਂ ਮੇਰੀਆਂ ਸੁੱਕੀਆਂ ਅੱਖਾਂ ‘ਤੇ ਟਿਕੀਆਂ ਹੋਈਆਂ ਸਨ। ਭਰਾ ਉੱਚੀ-ਉੱਚੀ ਰੋ ਰਹੇ ਸਨ। ਪਿਓ ਰੋ ਰਿਹਾ ਸੀ। ਮਾਂ ਰੋ ਰਹੀ ਸੀ।
ਤੇ ਮੈਂ… ਬੱਸ ਨੀਵੀਂ ਪਾ ਕੇ, ਆਪਣੇ ਕਦਮਾਂ ਨੂੰ ਕਿਸੇ ਬੋਝ ਵਾਂਗ ਧੱਕਦੀ ਹੋਈ ਚੱਲ ਜਾ ਰਹੀ ਸੀ—ਨਾ ਜਾਣਦੇ ਹੋਏ ਕਿ ਅੱਗੇ ਕੀ ਹੈ।
ਜਦ ਕਾਰ ਦੀ ਤਾਕੀ ਖੁੱਲੀ ਤਾਂ ਮੈਨੂੰ ਕਿਹਾ ਗਿਆ, “ਬੈਠੋ।”
ਬੈਠਣ ਤੋਂ ਪਹਿਲਾਂ ਮੈਂ ਇਕ ਵਾਰ ਪਿੱਛੇ ਮੁੜ ਕੇ ਵੇਖਿਆ।
ਪਿਓ ਨੂੰ ਘੁੱਟ ਕੇ ਗੱਲ ਲਾਇਆ।
ਅੱਖਾਂ ਤੋਂ ਦੋ ਹੰਜੂ ਹੌਲੀ-ਹੌਲੀ ਵਹਿ ਗਏ।
ਉਸ ਪਲ ਮੈਨੂੰ ਸਮਝ ਆਈ—ਧੀਆਂ ਸੱਚਮੁੱਚ ਟੁੱਟਦੀਆਂ ਨੇ।
ਚੁੱਪਚਾਪ।
ਹਮੇਸ਼ਾਂ ਲਈ।
ਪਰ ਨਾਲ ਹੀ ਮਨ ਵਿੱਚ ਗੁੱਸਾ ਵੀ ਸੀ।
ਕਿਉਂਕਿ ਇਹ ਸਭ ਉਹਨਾਂ ਨੇ ਹੀ ਤਾਂ ਕੀਤਾ ਸੀ।
ਹੰਜੂ ਓਥੇ ਹੀ ਸੁੱਕ ਗਏ।
ਮੈਂ ਕਾਰ ਵਿੱਚ ਬੈਠ ਗਈ।
ਇਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ।
ਰਸਤੇ ਭਰ ਲੋਕਾਂ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਵੱਜਦੀਆਂ ਰਹੀਆਂ—
“ਕੁੜੀ ਤਾਂ ਰੋਈ ਹੀ ਨਹੀਂ।”
“ਮੇਰੀ ਧੀ ਤਾਂ ਵਿਦਾਈ ਤੋਂ ਪਹਿਲਾਂ ਹੀ ਰੋ-ਰੋ ਕੇ ਹਲਕਾਨ ਹੋ ਗਈ ਸੀ।”
ਪਰ ਮੈਂ ਕਿਵੇਂ ਰੋਵਾਂ?
ਜਦ ਦਿਲ ਗੁੱਸੇ ਨਾਲ ਭਰਿਆ ਹੋਵੇ,
ਤੇ ਇਹ ਵੀ ਨਾ ਪਤਾ ਹੋਵੇ ਕਿ ਜੋ ਹੋ ਰਿਹਾ ਹੈਂ , ਉਹ ਸੱਚ ਹੈ ਜਾਂ ਸਿਰਫ਼ ਕੋਈ ਡਰਾਉਣਾ ਸੁਪਨਾ।
ਇਨ੍ਹਾਂ ਸੋਚਾਂ ‘ਚ ਡੁੱਬੀ ਹੋਈ ਨੂੰ ਪਤਾ ਹੀ ਨਾ ਲੱਗਾ ਕਦੋਂ ਕਾਰ ਮੇਰੇ ਪਿੰਡ ਦੀਆਂ ਜੁਹਾਂ ਲੰਘ ਗਈ।
ਅਚਾਨਕ ਬ੍ਰੇਕ ਵੱਜੀ। ਮੈਂ ਮਹਿਸੂਸ ਕੀਤਾ—ਇਕ ਪਾਸੇ ਮੇਰਾ ਘਰਵਾਲਾ, ਦੂਜੇ ਪਾਸੇ ਮੇਰੀ ਜੇਠਾਣੀ ਬੈਠੀ ਹੈ।
ਹੌਲੀ-ਹੌਲੀ ਦਿਨ ਢਲ ਰਿਹਾ ਸੀ |
ਕਾਰ ਇਕ ਵੱਡੇ, ਕਾਲੇ ਲੋਹੇ ਦੇ ਦਰਵਾਜ਼ੇ ਅੱਗੇ ਰੁਕ ਗਈ। ਦਰਵਾਜ਼ੇ ਦੀ ਖੜਕਣ ਨੇ ਮੇਰਾ ਸਾਹ ਅਟਕਾ ਦਿੱਤਾ। ਮੈਂ ਡਰ ਨਾਲ ਘਰਵਾਲੇ ਦੇ ਕੁੜਤੇ ਦੀ ਇਕ ਕਣੀ ਫੜ ਲਈ।
ਉਸ ਪਲ ਮੈਨੂੰ ਅਹਿਸਾਸ ਹੋਇਆ—
ਹੁਣ ਮਾਂ ਦੀ ਚੁੰਨੀ ਨਹੀਂ ਮਿਲਣੀ।
ਨਾ ਉਹ ਬੁੱਕਲ।
ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕੋਈ ਮੈਨੂੰ ਤੱਕਦਾ, ਕੋਈ ਫੁਸਫੁਸਾਂਦਾ। ਕੋਈ ਕਹਿੰਦਾ ” ਨੀ ਵਹੁਟੀ ਨੂੰ ਬਾਹਰ ਕਡੋ |”
ਪੰਜ ਮਿੰਟ ਬਾਅਦ ਮੇਰੀ ਜੇਠਾਣੀ ਨੇ ਹੱਥ ਫੜ ਕੇ ਵੜੇ ਸਹਿਜ ਨਾਲ ਮੈਨੂੰ ਬਾਹਰ ਕੱਢਿਆ। ਕੁਝ ਪਲਾਂ ਲਈ ਲੱਗਾ, ਜਿਵੇਂ ਕੋਈ ਵੱਡੀ ਭੈਣ ਆਪਣੀ ਛੋਟੀ ਭੈਣ ਨੂੰ ਨਵੇਂ ਰਿਸ਼ਤੇ ਤੇ ਨਵੇਂ ਘਰ ਲਈ ਰਾਹ ਦਿਖਾ ਰਹੀ ਹੋਵੇ ਤੇ ਕਹਿ ਰਹੀ ਹੋਵੇ, “ਲੈ ਭੈਣ ਅੱਜ ਤੋਂ ਇਹ ਤੇਰਾ ਘਰ ਆ |”
ਮੈਨੂੰ ਤੇ ਮੇਰੇ ਘਰਵਾਲੇ ਨੂੰ ਗੇਟ ਤੋਂ ਬਾਹਰ ਰੋਕ ਲਿਆ ਗਿਆ।
ਮੇਰੀ ਸੱਸ—ਜੋ ਸ਼ਕਲ ਤੋਂ ਬਹੁਤ ਸੋਹਣੀ ਤੇ ਸੁਚੱਜੀ ਲੱਗਦੀ ਸੀ—ਨੇ ਪਾਣੀ ਵਾਰਿਆ ਤੇ ਹੌਲੀ ਨਾਲ ਘਰ ਅੰਦਰ ਆਉਣ ਦਾ ਇਸ਼ਾਰਾ ਕੀਤਾ।
ਮੈਂ ਲਾਲ-ਸੁਹੇ ਸੂਟ ‘ਚ, ਨਵੀ-ਨਵੇਲੀ, ਨੀਵੀਂ ਪਾ ਕੇ ਤੁਰਦੀ ਰਹੀ। ਬੈਠਕ ਕੋਲ ਨਣਦਾਂ ਨੇ ਰਾਹ ਰੋਕਿਆ। ਸ਼ਗੁਨ ਹੋਇਆ। ਹਾਸੀਆਂ-ਖੇਡੀਆਂ। ਪਰ ਮੈਂ ਬੱਸ ਨੀਵੀਂ ਪਾ ਕੇ ਪਾਸੇ ਖੜੀ ਰਹੀ—ਜਿਵੇਂ ਕੋਈ ਬੁੱਤ |
ਇਕ ਨਿੱਕੀ ਜਿਹੀ ਬੈਠਕ—ਜਿੱਥੇ ਸ਼ਾਇਦ ਵਿਆਹ ਤੋਂ ਪਹਿਲਾਂ ਹੀ ਨਵਾਂ ਫਰਸ਼ ਲਗਾਇਆ ਗਿਆ ਸੀ —ਓਥੇ ਹੇਠਾਂ ਦੋ ਚਟਾਈਆਂ ਦੇ ਉੱਪਰ ਨਵੀਆਂ ਚਾਦਰਾਂ ਵਿਛੀਆਂ ਸਨ, ਓਥੇ ਮੈਨੂੰ ਬਿਠਾਇਆ ਗਿਆ। ਨਾਲ ਹੀ ਮੇਰਾ ਘਰਵਾਲਾ ਆ ਕੇ ਬੈਠ ਗਿਆ।
ਮੈਂ ਇਕ ਵਾਰ ਵੀ ਅੱਖ ਚੁੱਕ ਕੇ ਇਹ ਨਾ ਵੇਖ ਸਕੀ, ਕਿ ਜਿਸ ਘਰ ਮੈਂ ਆਈ ਹਾਂ, ਉਹ ਕਿਹੋ ਜਿਹਾ ਹੈ। ਬੱਸ ਲੋਕਾਂ ਨੂੰ ਨੀਵੀਂ ਪਾ ਕੇ ਵੇਖਦੀ ਰਹੀ—ਕੋਈ ਅੰਦਰ ਆਉਂਦਾ, ਕੋਈ ਬਾਹਰ ਜਾਂਦਾ, ਕੋਈ ਉੱਚੀ-ਉੱਚੀ ਗੱਲਾਂ ਕਰਦਾ, ਕੋਈ ਹੱਸਦਾ |
ਥੋੜ੍ਹੀ ਦੇਰ ਬਾਅਦ ਇਕ ਮੁੰਡਾ ਆਇਆ—ਜਿਸਨੂੰ ਮੈਂ ਹਜੇ ਜਾਣਦੀ ਵੀ ਨਹੀਂ ਸੀ। ਕਿਸੇ ਨੇ ਕਿਹਾ, “ਇਹ ਤੇਰਾ ਦਿਉਰ ਹੈ, ਪੱਟ ‘ਤੇ ਬਿਠਾਣ ਵਾਲੀ ਰਸਮ ਕਰਨੀ ਹੈ, ਧੀਏ |
ਮੈਂ ਬੱਸ ਇਕ ਵਾਰ ਉਸਦੇ ਮੂੰਹ ਵੱਲ ਵੇਖਿਆ ਤੇ ਫਿਰ ਨੀਵੀਂ ਪਾ ਲਈ।
ਉਹ ਥੋੜ੍ਹੀ ਦੇਰ ਬੈਠਾ। ਰਸਮ ਖ਼ਤਮ ਹੋਈ। ਉਸਨੇ ਮੈਨੂੰ ੧੦੦ ਰੁਪਏ ਸ਼ਗੁਨ ਦੇ ਦਿੱਤੇ।
ਕਿਹਾ ਗਿਆ, “ਵੌਹਟੀਏ, ਹੁਣ ਤੂੰ ਮੁੰਡੇ ਨੂੰ ਦੁੱਗਣਾ ਕਰ ਕੇ ਦੇਣਾ ਹੈ।”
ਮੈਂ ਆਪਣੇ ਨਿੱਕੇ ਜਿਹੇ ਪਰਸ ਵਿੱਚ ਵੇਖਿਆ। ਮਾਂ ਦੇ ਇਕ ਪੁਰਾਣੇ ਹਥੀ ਬੁਣੇ ਰੁਮਾਲ ‘ਚ ਬੰਨੇ ਹੋਏ ਪੈਸੇ ਸਨ। ਉਹਨਾਂ ਵਿੱਚੋਂ ੨੦੦ ਰੁਪਏ ਗਿਣ ਕੇ ਆਪਣੇ ਦਿਉਰ ਨੂੰ ਸ਼ਗੁਨ ਪਾ ਦਿੱਤਾ।
ਉਹ ਪੈਸੇ ਨਹੀਂ ਸਨ।
ਉਹ ਮਾਂ ਦੀ ਛੋਹ ਸੀ।
ਹੌਲੀ-ਹੌਲੀ ਪਸੀਨੇ ਨਾਲ ਮੂੰਹ ਦੀ ਲਾਲੀ ਫਿੱਕੀ ਪੈ ਗਈ। ਮੈਂ ਆਪਣਾ ਰੁਮਾਲ ਕੱਢ ਕੇ, ਕੰਬਦੇ ਹੋਏ ਹੱਥਾਂ ਨਾਲ ਮੂੰਹ ਪੂੰਝ ਲਿਆ।
ਕਿਸੇ ਨੇ ਆਵਾਜ਼ ਮਾਰੀ ਤੇ ਕਿਹਾ, “ਵੋਹਟੀ ਨੂੰ ਨਵੀਂ ਬੈਠਕ ‘ਚ ਲੈ ਕੇ ਚੱਲੋ।”
ਓਥੋਂ ਉਠਾ ਕੇ ਇਕ ਨਵੇਂ ਛੋਟੇ ਜਿਹੇ ਕਮਰੇ ‘ਚ ਲੈ ਜਾਇਆ ਗਿਆ।
ਨਵਾਂ ਕਮਰਾ। ਨਵਾਂ ਬਿਸਤਰਾ। ਟੀਵੀ ‘ਚ ਕ੍ਰਿਕਟ। ਪੱਖਾ। ਚਾਦਰ। ਨਣਦਾਂ ਦੀਆਂ ਹਾਸੀਆਂ। ਸਵਾਲ।
ਤੇ ਮੇਰੇ ਮਨ ਵਿੱਚ ਇਕੋ ਗੱਲ—
ਮੈਂ ਆਪਣੇ ਘਰ ਵਾਪਸ ਕਦੋਂ ਜਾਵਾਂਗੀ?
ਸਭ ਕੁਝ ਨਵਾਂ ਸੀ।
ਤੇ ਮੈਂ—ਬਿਲਕੁਲ ਇਕੱਲੀ।
ਫਿਰ ਕੱਪੜੇ ਬਦਲਣ ਦੀ ਗੱਲ ਹੋਈ। ਮੇਰੀ ਸੱਸ ਤੇ ਮੇਰੀ ਭੂਆ ਸੱਸ – “ਵੌਹਟੀਏ ਕੱਪੜੇ ਨੀ ਬਦਲਣੇ।”
ਮੈਂ ਮਾਸੂਮੀਅਤ ਨਾਲ ਕਿਹਾ, ਮੰਮੀ ਜੀ, ਅਟੈਚੀ ‘ਚ ਇਕ ਸੂਟ ਹੈ—ਲਾਗਨ ਲਈ |
ਮੇਰੇ ਮੰਮੀ ਕਹਿੰਦੇ ਸੀ, ਵੀ ਅਟੈਚੀ ਖੁਲਾਯੀ ਦਾ ਦੇਣਾ ਲਾਗਨ ਨੂੰ |
ਉਹ ਇਕ ਪਲ ਲਈ ਚੁੱਪ ਹੋ ਗਈਆਂ |
ਫਿਰ ਭੂਆ ਤੇ ਸੱਸ ਇਕੱਠੇ ਖਿੜ-ਖਿੜ ਹੱਸਣ ਲੱਗ ਪਈਆਂ—“ਲੈ ਲਾਗਨ ਨੂੰ ਕੀ ਦੇਣਾ! ਇਹ ਅਟੈਚੀ ਖੁਲਾਈ ਨਹੀਂ, ਪੇਟੀ ਖੁਲਾਈ ਦਾ ਸੂਟ ਹੁੰਦਾ ਐ, ਕੁੜੀਏ। ਤੂੰ ਆਪਣੇ ਕੋਲ ਹੀ ਰੱਖ |” (ਕਿਉਂਕਿ ਪੇਟੀ ਸੀ ਹੀ ਨਹੀਂ)
ਪਹਿਲੇ ਹੀ ਦਿਨ,
ਪਹਿਲਾ ਮੇਹਨਾ।
ਮੈਂ ਬੁੱਲ੍ਹ ਦੱਬ ਲਏ—ਕਿਉਂਕਿ ਜੇ ਮੂੰਹ ਖੁਲ ਗਿਆ, ਤਾਂ ਸੱਚ ਨਿਕਲ ਆਉਣਾ ਸੀ।
ਉਹ ਸੱਚ, ਜੋ ਕਹਿੰਦਾ ਕਿ ਮਨਾਹੀ ਤੁਹਾਡੀ ਸੀ,
ਤੇ ਦੇਣ ਦੀ ਹਿੰਮਤ ਮੇਰੇ ਮਾਪਿਆਂ ਦੀ।
ਸਿਰ ‘ਚ ਦਰਦ ਸੁਈ ਬਣ ਕੇ ਚੁੱਭਦਾ ਰਿਹਾ,
ਅਤੇ ਹੰਜੂ, ਬੋਲ ਨਾ ਬਣ ਸਕੇ, ਗਲੇ ‘ਚ ਹੀ ਘੁੱਟੇ ਗਏ।
ਉਸ ਦਿਨ ਸਮਝ ਆਈ ਕਿ ਧੀ ਨੂੰ ਸਭ ਕੁਝ ਦੇਣਾ
ਮੁਹੱਬਤ ਨਹੀਂ—
ਇੱਕ ਡਰ ਹੁੰਦਾ ਐ,
ਕਿ ਕੱਲ੍ਹ ਕਿਤੇ ਉਹ ਨਿੱਕੀਆਂ ਚੀਜ਼ਾਂ ਲਈ ਵੀ
ਮੇਹਣਿਆਂ ਦੀ ਹਕਦਾਰ ਨਾ ਬਣ ਜਾਵੇ।
— ਲਿਖਤ: ਗੁਰਪ੍ਰੀਤ ਮੰਨਣ

Great content! Keep up the good work!
Gladdd!!
Thank you for reading.